ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰਿਅਲ ਸੋਸਾਇਟੀ

ਜਦੋਂ ਸ੍ਰ: ਭਗਤ ਸਿੰਘ ਵਰਗੇ ਪੁੱਤਰ ਪੈਦਾ ਹੁੰਦੇ ਹਨ ਤਾਂ ਉਹ ਆਪਣੇ ਖ਼ਾਨਦਾਨ ਦੇ ਨਾਲ – ਨਾਲ ਕੌਮ ਅਤੇ ਦੇਸ਼ ਦਾ ਨਾਮ ਇਤਿਹਾਸ ਦੇ ਪੰਨਿਆਂ ’ਤੇ ਸੁਨਿਹਰੀ ਅੱਖਰਾਂ ਨਾਲ ਲਿੱਖ ਜਾਂਦੇ ਹਨ। ਸ੍ਰ: ਭਗਤ ਸਿੰਘ ਦਾ ਜਨਮ ਜੱਟ ਸਿੱਖ ਸੰਧੂ ਪਰਿਵਾਰ ਵਿੱਚ ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਦੀ ਕੁੱਖੋਂ 28 ਸਤੰਬਰ , 1907 ਨੂੰ ਚੱਕ ਨੰਬਰ 105 ਪਿੰਡ ਬੰਗਾਂ ਤਹਿਸੀਲ ਜੜਾਵਾਲਾਂ ਜਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ। ਸ੍ਰ: ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ ਨਵਾ ਸ਼ਹਿਰ(ਪੰਜਾਬ) ਵਿੱਚ ਸਥਿਤ ਹੈ।  ਨਵਾਂ ਸ਼ਹਿਰ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖ ਦਿੱਤਾ  ਹੈ।ਸ੍ਰ: ਭਗਤ ਸਿੰਘ ਨੂੰ ਅਜ਼ਾਦੀ ਦੀ ਗੁੜਤੀ ਪਰਿਵਾਰ ਵਿੱਚੋ ਹੀ ਮਿਲੀ ਸੀ। ਆਪ ਦੇ ਦਾਦਾ ਜੀ ਸ੍ਰ: ਅਰਜਨ ਸਿੰਘ ਇੱਕ ਵਾਹੀਕਾਰ ਦੇ ਨਾਲ-ਨਾਲ ਯੂਨਾਨੀ ਹਿਕਮਤ ਦੇ ਮਾਹਿਰ ਸਨ। ਸ੍ਰ: ਭਗਤ ਸਿੰਘ ਦੇ ਪਿਤਾ ਸ੍ਰ: ਕਿਸ਼ਨ ਸਿੰਘ ਬਹੁਤ ਵੱਡੇ ਸਮਾਜ ਸੇਵਕ ਸਨ। ਉਹਨਾਂ ਨੇ ਸਮੇਂ – ਸਮੇਂ ਆਈਆ ਕੁਦਰਤੀ ਆਫ਼ਤਾ ਸਮੇਂ ਲੋਕਾਂ ਦੀ ਵੱਧ-ਚੱੜ੍ਹ ਕੇ ਮਦਦ ਕੀਤੀ। ਕਿਸ਼ਨ ਸਿੰਘ ਜੀ ਕਾਂਗਰਸ ਦੇ ਮੈਂਬਰ ਬਣੇ ਅਤੇ 1906 ਵਿੱਚ ਕਿਸ਼ਨ ਸਿੰਘ ਨੇ ਸਿਆਸਤ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਸ੍ਰ: ਭਗਤ ਸਿੰਘ ਦੇ ਚਾਚਾ ਸ੍ਰ: ਅਜੀਤ ਸਿੰਘ ਵੀ ਇੱਕ ਸਿਰਕੱਢ ਸਵਤੰਤਰਤਾ ਸਗਰਾਮੀ ਹੋਣ ਦੇ ਨਾਲ-ਨਾਲ ਇੱਕ ਪ੍ਰਭਾਵਸ਼ਾਲੀ ਬੁਲਾਰੇ ਵੀ ਸਨ। ਉਸ ਸਮੇਂ ਕੋਈ ਅੰਗਰੇਜ਼ਾ ਦੇ ਖਿਲਾਫ਼ ਡਰਦਾ ਮੂੰਹ ਨਹੀਂ ਸੀ ਖੋਲਦਾ। ਉਸਦੇ ਪ੍ਰਚਾਰ ਦਾ ਵਾਹੀਕਾਰਾ ਅਤੇ ਫ਼ੌਜ਼ੀਆ ਤੇ ਬਹੁਤ ਜਿਆਦਾ ਪ੍ਰਭਾਵ ਪਿਆ। ਜਿਸ ਦੇ ਕਾਰਨ ਉਹਨਾਂ ਨੂੰ ਕੈਦ ਕੱਟਣ ਦੇ ਨਾਲ ਦੇਸ਼ ਨਿਕਾਲੇ ਦੀ ਸ਼ਜਾ ਵੀ ਭੁਗਤਣੀ ਪਈ। ਸ੍ਰ: ਭਗਤ ਸਿੰਘ ਆਪਣੇ ਚਾਚੇ ਅਜੀਤ ਸਿੰਘ ਦੀ ਸ਼ਖਸ਼ੀਅਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਅਤੇ ਇਸ ਤੋਂ ਇਲਾਵਾ ਭਗਤ ਸਿੰਘ ਦੇ ਬਾਲ ਮਨ ਤੇ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਬਹੁਤ ਡੂੰਘਾ ਅਸਰ ਪਿਆ। ਭਗਤ ਸਿੰਘ ਹਮੇਸ਼ਾ ਸਰਾਭੇ ਦੀ ਫ਼ੋਟੋ ਆਪਣੀ ਜੇਬ ਵਿੱਚ ਰੱਖਿਆ ਕਰਦਾ ਸੀ, ਜੋ ਗ੍ਰਿਫ਼ਤਾਰੀ ਸਮੇਂ ਵੀ ਉਸ ਕੋਲ ਸੀ ।

ਭਗਤ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਲਾਇਲਪੁਰ ਦੇ ਪ੍ਰਾਇਮਰੀ ਸਕੂਲ ਤੋਂ ਲਈ ਅਤੇ 1916-17 ਈ.ਵਿੱਚ ਡੀ.ਏ.ਵੀ. ਸਕੂਲ ਲਹੌਰ ਵਿੱਚ ਦਾਖਲ ਹੋਇਆ। ਇਸ ਸਕੂਲ ਨੂੰ ਅੰਗਰੇਜ਼ਾ ਦੁਆਰਾ ’’ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ’’ਕਿਹਾ ਗਿਆ। ਇਸ ਸਕੂਲ ਵਿੱਚ ਪੜ੍ਹਦਿਆਂ ਹੀ ਉਸਨੇ ਅੰਗਰੇਜ਼ੀ, ਉਰਦੂ ਅਤੇ ਸੰਸਕ੍ਰਿਤ ਭਾਸ਼ਾ ਸਿੱਖੀਆਂ ਅਤੇ ਉਮਰ ਦੇ ਵੱਖ-ਵੱਖ ਪੜ੍ਹਾਵਾਂ ਦੇ ਚਲਦਿਆਂ ਗੁਰਮੁੱਖੀ ,ਹਿੰਦੀ ਅਤੇ ਬੰਗਾਲੀ ਭਾਸ਼ਾ ਵੀ ਗ੍ਰਹਿਣ ਕੀਤੀਆਂ। 

1919 ਈ. ਵਿੱਚ ਜਲ੍ਹਿਆਂਵਾਲਾ  ਬਾਗ ਦੇ ਖੂਨੀ ਸਾਕੇ ਦਾ ਸ੍ਰ: ਭਗਤ  ਸਿੰਘ ਦੇ ਮਨ ਤੇ ਬਹੁਤ ਗਹਿਰਾ  ਪ੍ਰਭਾਵ ਪਿਆ। ਉਹ ਇਸ ਘਟਨਾ ਤੋਂ ਦੂਜੇ ਦਿਨ ਜਲ੍ਹਿਆਂਵਾਲੇ ਬਾਗ ਅੰਮ੍ਰਿਤਸਰ ਗਿਆ ਅਤੇ ਖੂਨ ਨਾਲ ਭਿੱਜੀ ਮਿੱਟੀ ਲੈ ਕੇ ਵਾਪਸ ਆ ਗਿਆ। ਇਸ ਘਟਨਾ ਨੇ ਉਸ ਦੇ ਮਨ ਵਿੱਚ ਅੰਗਰੇਜ਼ਾਂ ਪ੍ਰਤੀ ਰੋਹ ਭਰ ਦਿੱਤਾ। ਫਰਵਰੀ 1921 ਨੂੰ ਨਨਕਾਣਾ ਸਾਹਿਬ ਗੁਰਦੁਆਰੇ ਦੇ ਮੋਰਚੇ ਨੇ ਭਗਤ ਸਿੰਘ ਦੇ ਮਨ ਤੇ ਡੂੰਘੀ ਛਾਪ ਛੱਡੀ। ਉਹ ਆਪਣੇ ਪਿੰਡ ਵਿੱਚੋਂ ਲੰਘਦੇ ਜਾਂਦੇ ਅੰਦੋਲਨਕਾਰੀਆਂ ਨੂੰ ਲੰਗਰ ਛਕਾਇਆ ਕਰਦੇ ਸਨ। 1921 ਵਿੱਚ ਭਗਤ ਸਿੰਘ ਨੇ ਆਪਣੀ ਦਸਵੀਂ ਦੀ ਪੜਾਈ ਵਿਚਾਲੇ ਛੱਡ ਦਿੱਤੀ ਅਤੇ ਨਾ-ਮਿਲਵਰਤਣ ਲਹਿਰ ਵਿਚ ਸਰਗਰਮ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਸੰਨ 1921-1922 ਈ: ਵਿੱਚ ਲਹੌਰ ਵਿਖੇ ਦੇਸ਼ ਭਗਤਾਂ ਦੁਆਰਾ ਨੈਸ਼ਨਲ ਕਾਲਜ ਬਣਾਇਆ ਗਿਆ ਜਿਸ ਵਿਚ ਭਗਤ ਸਿੰਘ ਨੂੰ ਇੱਕ ਕਠਿਨ ਪ੍ਰੀਖਿਆ ਪਾਸ ਕਰ ਕਾਲਜ ਦੇ ਪਹਿਲੇ ਸਾਲ ਵਿੱਚ ਦਾਖਲਾ ਮਿਲ ਗਿਆ। ਇਥੇ ਜੈਦੇਵ ਗੁਪਤਾ ਅਤੇ ਸੁਖਦੇਵ ਉਸ ਦੇ ਜਮਾਤੀ ਸਨ। ਭਗਤ ਸਿੰਘ ਦਾ ਸੁਖਦੇਵ ਨਾਲ ਕਾਲਜ ਦਾ ਇਹ ਸਾਥ ਫਾਂਸੀ ਦੇ ਤਖ਼ਤੇ ਤੱਕ ਗਿਆ। ਅਜਿਹੀ ਦੋਸਤੀ ਸ਼ਾਇਦ ਹੀ ਕਿਸੇ ਨੇ ਅੱਜ ਤੱਕ ਨਿਭਾਈ ਹੋਵੇ। ਕਾਲਜ ਵਿੱਚ ਪੜ੍ਹਾਈ ਦੇ ਦੌਰਾਨ ਉਸ ਨੇ ਕਾਲਜ ਦੇ ਨੈਸ਼ਨਲ ਨਾਟਕ ਕਲੱਬ ਦੇ ਅੰਤਰਗਤ ਇਨਕਲਾਬੀ ਡਰਾਮੇ ਖੇਡੇ। ਸੋਹਣੀ ਸ਼ਕਲ ਸੂਰਤ ਅਤੇ ਸੁਰੀਲੀ ਅਵਾਜ਼ ਦੀ ਬਦੌਲਤ ਭਗਤ ਸਿੰਘ ਨੇ ਬਹੁਤ ਸਾਰ ਨਾਟਕਾਂ ਵਿੱਚ ਨਾਇਕ ਦੀ ਭੂਮਿਕਾ ਨਿਭਾਉਂਦੇ ਹੋਏ ਇਨਕਲਾਬੀ ਗੀਤ ਗਾਏ। ਅੰਗਰੇਜ਼ ਸਰਕਾਰ ਦੁਆਰਾ ਇਸ ਕਲੱਬ ਉੱਤੇ ਇਨਕਲਾਬੀ ਨਾਟਕ ਖੇਡਣ ਕਾਰਨ ਪਾਬੰਦੀ ਲਗਾ ਦਿੱਤੀ ਗਈ।1923 ਵਿੱਚ ਪੰਜਾਬ ਹਿੰਦੀ ਸਾਹਿਤ ਸੰਮੇਲਨ ਵੱਲੋਂ ਕਰਵਾਏ ਲੇਖ ਮੁਕਾਬਲੇ ਵਿੱਚ ਸ੍ਰ: ਭਗਤ ਸਿੰਘ ਨੂੰ ਪਹਿਲਾ ਇਨਾਮ ਮਿਲਿਆ।1923 ਵਿੱਚ ਹੀ ਘਰਦਿਆਂ ਦੁਆਰਾ ਵਿਆਹ ਲਈ ਜੋਰ ਪਾਉਣ ਤੇ ਉਸ ਨੇ ਘਰ ਛੱਡ ਦਿੱਤਾ ਅਤੇ ਕਾਨਪੁਰ ਚਲਾ ਗਿਆ। ਅਸਲ ਵਿੱਚ ਉਹ ਆਪਣਾ ਵਿਆਹ ਲਾੜੀ ਮੌਤ ਨਾਲ ਕਰਾਉਣਾ ਚਾਹੁੰਦਾ ਸੀ। ਕਾਨਪੁਰ ਵਿੱਚ ਸ੍ਰ: ਭਗਤ ਸਿੰਘ ਨੇ ਆਪਣਾ ਨਾਮ ਬਲਵੰਤ ਸਿੰਘ ਰੱਖ ਕੇ ਕੁੱਝ ਦੇਰ ਪ੍ਰਤਾਪ ਪ੍ਰੈਸ ਵਿੱਚ ਕੰਮ ਕੀਤਾ।1925 ਵਿੱਚ ਦਾਦੀ ਦੀ ਬਿਮਾਰੀ ਕਾਰਨ ਉਸ ਨੂੰ ਵਾਪਸ ਲਹੌਰ ਵਿਖੇ ਆਪਣੇ ਪਿੰਡ ਆਉਣਾ ਪਿਆ। ਭਗਤ ਸਿੰਘ ਦੀ ਦਾਦੀ ਭਗਤ ਸਿੰਘ ਨੂੰ ਭਾਗਾਂਵਾਲਾ ਕਹਿ ਕੇ ਬੁਲਾਉਂਦੀ ਸੀ। 

13 ਮਾਰਚ 1926 ਈ: ਨੂੰ ਭਗਤ ਸਿੰਘ  ਤੇ ਉਸਦੇ ਸਾਥੀਆਂ ਨੇ ਮਿਲਕੇ  ਨੌਜਵਾਨ ਭਾਰਤ ਸਭਾ ਦੀ ਸਥਾਪਨਾ  ਕੀਤੀ, ਜੋ ਕਿ ਇਨਕਲਾਬੀ ਗਤੀਵਿਧੀਆਂ  ਲਈ ਇੱਕ ਖੁੱਲਾ ਮੰਚ ਸੀ। ਇਸ  ਸਭਾ ਵਿੱਚ ਭਗਤ ਸਿੰਘ ਨੇ ਜਨਰਲ  ਸਕੱਤਰ ਦੀ ਭੂਮਿਕਾ ਨਿਭਾਈ।ਇਸ  ਸਭਾ ਦੀ ਪਹਿਲੀ ਕਾਨਫਰੰਸ 11-12-13 ਅਪ੍ਰੈਲ  1928 ਨੂੰ ਹੋਈ।1927 ਵਿੱਚ ਕਾਕੋਰੀ ਕਾਂਡ ਰੇਲ ਗੱਡੀ ਡਾਕੇ ਦੇ ਸਬੰਧ ਵਿੱਚ ਸ੍ਰ:ਭਗਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਲਹੌਰ ਵਿੱਚ ਦੁਸਹਿਰੇ ਮੌਕੇ ਹੋਏ ਬੰਬ ਧਮਾਕੇ ਦਾ ਵੀ ਦੋਸ਼ ਮੜ੍ਹ ਦਿੱਤਾ ਗਿਆ। 60 ਹਜ਼ਾਰ ਰੁਪਏ ਜਮਾਨਤ ਅਤੇ ਚੰਗੇ ਚਾਲ – ਚਲਣ ਕਾਰਨ ਸ੍ਰ: ਭਗਤ ਸਿੰਘ ਨੂੰ ਰਿਹਾਅ ਕਰ ਦਿੱਤਾ ਗਿਆ। 

ਸ੍ਰ: ਭਗਤ ਸਿੰਘ ਜਿੱਥੇ ਇੱਕ ਸਿਰਕੱਢ ਕ੍ਰਾਂਤੀਕਾਰੀ ਸੀ ਉੱਥੇ ਉੱਘਾ ਵਿਦਵਾਨ ਸੀ। ਉਸਨੇ ਇੰਨੀ ਛੋਟੀ ਉਮਰ ਵਿੱਚ ਬਹੁਤ ਵੱਡੀਆਂ ਪੁਲਾਘਾਂ ਭਰੀਆ। ਸ੍ਰ:ਭਗਤ ਸਿੰਘ ਨੇ ਵਿਦੇਸ਼ੀ ਅਜ਼ਾਦੀ ਘੁਲਾਟੀਆਂ ਦੀਆਂ ਸਵੈ-ਜੀਵਨੀਆਂ ਦਾ ਭਾਰਤੀ ਭਾਸ਼ਾ ਵਿੱਚ ਅਨੁਵਾਦ ਕਰਨ ਦੇ ਨਾਲ-ਨਾਲ ਖੁਦ ਵੀ ਕਿਤਾਬਾਂ ਅਤੇ ਪਰਚੇ ਲਿਖੇ। ਉਸਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਜਨੂੰਨ ਦੀ ਹੱਦ ਤੱਕ ਸੀ। ਉਹ ਆਪਣੇ ਨਾਲ ਹਰ ਵੇਲੇ ਕਿਤਾਬ ਅਤੇ ਪਸਤੌਲ ਰੱਖਦਾ ਸੀ। 

30 ਅਕਤੂਬਰ 1928 ਈ: ਨੂੰ ਸਾਈਮਨ  ਕਮਿਸ਼ਨ ਲਹੌਰ ਪਹੁੰਚਿਆਂ। ਇਸ ਕਮਿਸ਼ਨ  ਦੇ ਖਿਲਾਫ਼ ਨੌਜਵਾਨ ਭਾਰਤ ਸਭਾ  ਨੇ ਜਲੂਸ ਕੱਢਿਆ ਅਤੇ ਸਾਈਮਨ  ਕਮਿਸ਼ਨ ਗੋ ਬੈਕ ਦੇ ਨਾਹਰੇ ਲਗਾਏ।  ਇਸ ਜਲੂਸ ਵਿਚ ਭਗਤ ਸਿੰਘ ਨੇ  ਵੀ ਹਿੱਸਾ ਲਿਆ। ਪੁਲਿਸ ਦੇ ਰੋਕਣ ਦੇ ਬਾਵਜੂਦ ਜਲੂਸ ਅੱਗੇ ਵੱਧਦਾ ਗਿਆ ਜਿਸ ਨੂੰ ਰੋਕਣ ਲਈ ਅੰਗਰੇਜ਼ ਹਕੂਮਤ ਨੇ ਲਾਠੀ ਚਾਰਜ਼ ਕੀਤਾ ਜਿਸ ਵਿੱਚ ਲਾਲਾ ਲਾਜਪਤ ਰਾਏ ਦੇ ਸਿਰ ਵਿੱਚ ਗਹਿਰੀ ਸੱਟ ਲੱਗਣ ਕਾਰਨ ਕੁੱਝ ਦਿਨਾਂ ਬਾਅਦ ਉਹਨਾਂ ਦੀ ਮੌਤ ਹੋ ਗਈ। ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਇਨਕਲਾਬੀਆਂ ਨੇ ਇੱਕ ਯੋਜਨਾ ਬਣਾਈ ਜਿਸ ਦੇ ਅੰਤਰਗਤ ਸਕਾਟ ਨੂੰ ਗੋਲੀ ਮਾਰਨੀ ਸੀ। ਮੌਕੇ ਤੇ ਸਕਾਟ ਦੀ ਜਗ੍ਹਾਂ ਸਹਾਇਕ ਪੁਲਿਸ ਮੁੱਖੀ ਜੇ.ਪੀ.ਸਾਂਡਰਸ ਮੋਟਰਸਾਈਕਲ ਤੇ ਦਫ਼ਤਰੋ ਬਾਹਰ ਆ ਗਿਆ ਅਤੇ ਕ੍ਰਾਂਤੀਕਾਰੀਆ ਦੀ ਗੋਲੀ ਦਾ ਨਿਸ਼ਾਨਾ ਬਣ ਗਿਆ। ਇਸ ਤਰ੍ਹਾਂ ਕ੍ਰਾਂਤੀਕਾਰੀਆ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈ ਲਿਆ। 

ਸ੍ਰ: ਭਗਤ ਸਿੰਘ ਖੂਨ-ਖਰਾਬੇ ਦੇ ਬਿਲਕੁੱਲ ਹੱਕ ਵਿੱਚ ਨਹੀਂ ਸੀ। ਉਸਨੇ ਪਬਲਿਕ ਸੇਫ਼ਟੀ ਬਿਲ ਅਤੇ ਟਰੇਡ ਡਿਸਪਿਊਟਸ ਬਿਲ ਦੇ ਖਿਲਾਫ ਅਸੰਬਲੀ ਵਿੱਚ ਨਕਲੀ ਬੰਬ ਸੁੱਟ ਕੇ ਅੰਗਰੇਜ਼ੀ ਹਕੂਮਤ ਦਾ ਵਿਰੋਧ ਕਰਨਾ ਚਾਹਿਆ।ਇਸ ਲਈ ਸ੍ਰ: ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ 8 ਅ੍ਰਪੈਲ 1929 ਨੂੰ ਕੇਂਦਰੀ ਅਸੰਬਲੀ ਦੇ ਸੈਂਟਰਲ ਹਾਲ ਵਿੱਚ ਖਾਲੀ ਥਾਂ ਤੇ ਨਕਲੀ ਬੰਬ ਸੁੱਟਿਆ ਅਤੇ ਪਰਚੇ ਸੁੱਟਦੇ ਹੋਏ ਇਨਕਲਾਬ-ਜਿੰਦਾਬਾਦ ਦੇ ਨਾਹਰੇ ਲਾਏ। ਸਾਰਾ ਹਾਲ ਧੂੰਏਂ ਨਾਲ ਭਰ ਗਿਆ ਉਹ ਚਾਹੁੰਦੇ ਤਾਂ ਉੱਥੋ ਭੱਜ ਸਕਦੇ ਸਨ। ਪਰ ਉਹਨਾਂ ਨੇ ਆਪਣੀ ਇੱਛਾਂ ਨਾਲ ਪੁਲਿਸ ਨੂੰ ਗ੍ਰਿਫ਼ਤਾਰੀ ਦਿੱਤੀ। ਜਦੋਂ ਭਗਤ ਸਿੰਘ ਨੂੰ ਨਕਲੀ ਬੰਬ ਸੁੱਟਣ ਬਾਰੇ ਪੁੱਛਿਆ ਗਿਆ ਤਾਂ ਉਸਨੇ ਉੱਤਰ ਦਿੱਤਾ ਕਿ ਉਹਨਾਂ ਦਾ ਉਦੇਸ਼ ਕਿਸੇ ਨੂੰ ਜਾਨੀ ਨੁਕਸਾਨ ਪਹੁੰਚਾਉਣਾ ਨਹੀਂ ਸੀ ਸਗੋਂ ਸੱਤ-ਸਮੁੰਦਰ ਪਾਰ ਬੈਠੀ ਬੋਲੀ ਸਰਕਾਰ ਦੇ ਕੰਨ ਖੋਲਣਾ ਸੀ। ਇਨਕਬਾਲ ਜਿੰਦਾਬਾਦ ਦਾ ਨਾਹਰਾ ਪਹਿਲੀ ਵਾਰ ਸ੍ਰ: ਭਗਤ ਸਿੰਘ ਨੇ ਦਿੱਤਾ ਸੀ, ਜੋ ਅੱਗੇ ਚੱਲ ਕੇ ਸਾਰੇ ਦੇਸ਼ ਦਾ ਨਾਹਰਾ ਬਣ ਗਿਆ। 

ਸ੍ਰ: ਭਗਤ ਸਿੰਘ ਅਤੇ ਬੀ.ਕੇ.ਦੱਤ ਵਿਰੁੱਧ ਚਲਾਨ ਏ.ਡੀ.ਐਮ. ਦਿੱਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹਨਾਂ ਨੇ ਆਪਣੀ ਕਨੂੰਨੀ ਚਾਰਾਜੋਈ ਲਈ ਕੋਈ ਵੀ ਵਕੀਲ ਨਹੀਂ ਕੀਤਾ ਅਤੇ ਆਪਣੀ ਵਕਾਲਤ ਖੁੱਦ ਕਰਦੇ ਰਹੇ। 10 ਜੂਨ, 1929 ਨੂੰ ਅਦਾਲਤ ਦੀ ਸੁਣਵਾਈ ਖਤਮ ਹੋ ਗਈ ਅਤੇ ਦੋਵਾਂ ਨੂੰ ਉਮਰ ਕੈਂਦ ਦੀ ਸਜ਼ਾ ਸੁਣਾ ਦਿੱਤੀ ਗਈ। ਅਸੰਬਲੀ ਬੰਬ ਕੇਸ ਦੀ ਸਜ਼ਾ ਤੋਂ ਬਾਅਦ ਸ੍ਰ: ਭਗਤ ਸਿੰਘ ਨੂੰ ਮੀਆਂਵਾਲੀ ਜੇਲ੍ਹ ਅਤੇ ਬੀ.ਕੇ. ਦੱਤ ਨੂੰ ਕੇਂਦਰੀ ਜੇਲ੍ਹ ਲਹੌਰ ਵਿਚ ਬਦਲ ਦਿੱਤਾ ਗਿਆ।25 ਜੂਨ, 1929 ਈ: ਨੂੰ ਭਗਤ ਸਿੰਘ ਨੂੰ ਸਾਂਡਰਸ ਕੇਸ ਦੇ ਸਬੰਧ ਵਿੱਚ ਕੇਂਦਰੀ ਜੇਲ੍ਹ ਲਹੌਰ ਭੇਜ ਦਿੱਤਾ ਗਿਆ। 10 ਜੁਲਾਈ ਨੂੰ ਸਾਂਡਰਸ ਕੇਸ ਦੀ ਕਾਰਵਾਈ ਸ਼ੁਰੂ ਹੋ ਗਈ। ਇਸ ਕੇਸ ਦੇ ਦੌਰਾਨ ਸ: ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਜੇਲ੍ਹ ਅਧਿਕਾਰੀਆਂ ਵੱਲੋ ਦਿੱਤੇ ਗਏ ਮਾੜੇ ਖਾਣੇ ਅਤੇ ਮਾੜੇ ਵਤੀਰੇ ਖਿਲਾਫ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਇਸ ਭੁੱਖ ਹੜਤਾਲ ਨੂੰ ਖਤਮ ਕਰਨ ਲਈ ਸਰਕਾਰ ਦੁਆਰਾ ਅਨੇਕਾਂ ਯਤਨ ਕੀਤੇ ਗਏ। 63 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਜਤਿਨ ਦਾਸ 13 ਸਤੰਬਰ 1929 ਈ: ਨੂੰ ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਗਿਆ। ਇਹ ਖਬਰ ਜੰਗਲ ਦੀ ਅੱਗ ਵਾਂਗ ਹਰ ਤਰਫ ਫੈਲ ਗਈ। ਬਾਰ -ਬਾਰ ਭੁੱਖ ਹੜਤਾਲ ਅਤੇ ਲੰਬੀ ਜੱਦੋ-ਜਹਿਦ ਤੋਂ ਬਾਅਦ ਸਰਕਾਰ ਨੂੰ ਕ੍ਰਾਂਤੀਕਾਰੀਆਂ ਦੀਆਂ ਮੰਗਾਂ ਸਾਹਮਣੇ ਝੁਕਣਾ ਪਿਆ। 

ਸਾਂਡਰਸ ਕਤਲ ਦੇ ਕੇਸ ਦਾ ਮੁਕੱਦਮਾ 10 ਜੁਲਾਈ 1929 ਈ: ਨੂੰ ਜੇਲ੍ਹ ਵਿਚ ਹੀ ਵਿਸ਼ੇਸ ਮੈਜਿਸਟਰੇਟ ਦੀ ਅਦਾਲਤ ਵਿੱਚ ਸ਼ੁਰੂ ਕੀਤਾ ਗਿਆ।ਇਸ ਮੁਕਦਮੇ ਵਿੱਚ 25 ਵਿਅਕਤੀ ਨਾਮਜ਼ਦ ਕੀਤੇ ਗਏ।ਇਨਕਲਾਬੀਆਂ ਨੇ ਇਸ ਮੁਕਦਮੇ ਪ੍ਰਤੀ ਕੋਈ ਖਾਸ ਗੰਭੀਰਤਾ ਨਹੀਂ ਦਿਖਾਈ। ਇੰਝ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਉਹਨਾਂ ਦਾ ਮਕਸਦ ਕੇਵਲ ਫਾਂਸੀ ਚੜਨ ਤੱਕ ਹੀ ਸੀਮਿਤ ਸੀ। ਸ੍ਰ:ਭਗਤ ਸਿੰਘ ਤੇ ਉਸਦੇ ਸਾਥੀਆਂ ਦੇ ਮੁਕਦਮੇ ਦੀ ਕਾਰਵਾਈ ਲਈ ਇੱਕ ਟ੍ਰਿਬਿਊਨਲ ਗਠਿਤ ਕੀਤਾ ਗਿਆ ਜਿਸ ਦੇ ਤਿੰਨ ਜੱਜ ਮੈਂਬਰ ਸਨ। ਇਸ ਟ੍ਰਿਬਿਊਨਲ ਨੇ 7 ਅਕਤੂਬਰ 1930 ਨੂੰ ਫ਼ੈਸਲਾ ਸੁਣਾਉਂਦੇ ਹੋਏ ਭਗਤ ਸਿੰਘ, ਸੁਖਦੇਵ ਥਾਪੜ ਅਤੇ ਸ਼ਿਵਰਾਮ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਅਤੇ ਕਮਲਨਾਥ ਤਿਵਾੜੀ, ਵਿਜੈ ਕੁਮਾਰ ਸਿਨਹਾ, ਜੈਦੇਵ ਕਪੂਰ, ਸਿਵ ਵਰਮਾ, ਗਆ ਪ੍ਰਸ਼ਾਦ , ਕਿਸ਼ੋਰੀ ਲਾਲ ਅਤੇ ਮਹਾਂਵੀਰ ਸਿੰਘ ਨੂੰ ਉਮਰ ਕੈਦ , ਕੁੰਦਨ ਲਾਲ ਨੂੰ ਸੱਤ ਅਤੇ ਪ੍ਰੇਮ ਦੱਤ ਨੂੰ ਤਿੰਨ ਸਾਲ ਕੈਦ ਦੀ ਸ਼ਜਾ ਸੁਣਾਈ। ਅਸਲ ਵਿੱਚ ਇਹ ਹੁਕਮ ਤਾਂ ਸੱਤ ਸਮੁੰਦਰੋਂ ਪਾਰ ਤੋਂ ਆਇਆ ਸੀ। 

ਭਗਤ ਸਿੰਘ , ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਲਾਉਣ ਦੀ ਮਿਤੀ 24 ਮਾਰਚ, 1931 ਮੁਕਰਰ ਕੀਤੀ ਗਈ ਸੀ। ਪਰੰਤੂ ਲੋਕਾਂ ਦਾ ਇਕੱਠ 23 ਮਾਰਚ ਸਵੇਰ ਤੋਂ ਜੇਲ੍ਹ ਦੇ ਗੇਟ ਬਾਹਰ ਇਕੱਠਾ ਹੋਣ ਲੱਗਾ। ਲੋਕਾਂ ਦੀ ਬਗਾਵਤ ਤੋਂ ਡਰਦਿਆਂ ਅੰਗਰੇਜ਼ ਹਕੂਮਤ ਨੇ ਇੱਕ ਕੋਝੀ ਚਾਲ ਚਲਦਿਆਂ 23 ਮਾਰਚ,1931 ਨੂੰ ਸ਼ਾਮ 7:30 ਵਜੇ ਫਾਂਸੀ ਦੇਣ ਦੀ ਯੋਜਨਾ ਬਣਾਈ। ਜਦੋਂ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਫਾਂਸੀ ਦੇ ਤੱਖਤੇ ਤੱਕ ਲਿਜਾਉਣ ਲਈ ਪੁਲਿਸ ਕਰਮਚਾਰੀ ਆਏ ਤਾਂ ਉਸ ਸਮੇ ਭਗਤ ਸਿੰਘ ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀ। ਭਗਤ ਸਿੰਘ ਨੇ ਕਿਹਾ ਰੁਕੋ ਇੱਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨਾਲ ਮੁਲਾਕਾਤ ਕਰ ਰਿਹਾ ਹੈ। ਇਸ ਤੋਂ ਬਾਅਦ ਭਗਤ ਸਿੰਘ ਕਿਤਾਬ ਦਾ ਪੰਨਾ ਮੋੜ ਪੁਲਿਸ ਕਰਮਚਾਰੀਆਂ ਨਾਲ ਤੁਰ ਪਿਆ। ਕਿਤਾਬ ਦਾ ਮੁੜਿਆ ਹੋਇਆ ਪੰਨਾਂ ਇੰਝ ਕਹਿ ਰਿਹਾ ਸੀ ਜਿਵੇਂ ਕਿ ਇਹ ਸੰਘਰਸ਼ ਅਧੂਰਾ ਹੈ ਜੋ ਆਉਣ ਵਾਲੀ ਪੀੜ੍ਹੀ ਪੂਰਾ ਕਰੇਗੀ। 

ਫਾਂਸੀ ਸਮੇਂ ਭਗਤ ਸਿੰਘ ਦੀ ਉਮਰ 23 ਸਾਲ , 5 ਮਹੀਨੇ ਅਤੇ 27 ਦਿਨ ਸੀ। ਲੋਕਾਂ ਦੇ ਇਕੱਠ ਤੋਂ ਡਰਦਿਆਂ ਜੇਲ੍ਹ ਦੀ ਪਿਛਲੀ ਦੀਵਾਰ ਤੋੜ ਕੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਲਾਸ਼ਾਂ ਹੁਸੈਨੀਵਾਲਾ (ਫਿਰੋਜ਼ਪੁਰ) ਸਤਲੁਜ ਦਰਿਆਂ ਦੇ ਕੰਢੇ ਤੇ ਜਲ੍ਹਾ ਦਿੱਤੀਆਂ ਗਈਆਂ। ਅੱਜ ਲੋੜ ਹੈ ਉਹਨਾਂ ਦੇ ਵਿਖਾਏ ਰਸਤੇ ਤੇ ਚੱਲਣ ਦੀ। ਬੇਸ਼ੱਕ ਭਗਤ ਸਿੰਘ ਤੇ ਉਸਦੇ ਸਾਥੀ ਸਾਡੇ ਦਿਲਾਂ ਵਿੱਚ ਹਮੇਸ਼ਾ ਅਮਰ ਰਹਿਣਗੇ।